04/03/2024
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ Diljit Dosanjh ਨੇ ਪੰਜਾਬ ਨਾਲ ਖੜਨ ਦਾ ਜਾਂ ਫਿਰ ਆਪਣੇ ਅਸਲ ਪੰਜਾਬੀ ਹੋਣ ਦਾ ਸਬੂਤ ਦਿੱਤਾ ਹੋਵੇ। ਪਰ ਅੰਬਾਨੀਆਂ ਦੇ ਵਿਆਹ ‘ਚ ਸਟੇਜ ‘ਤੇ ਜਾਂ ਫਿਰ ਸਟੇਜ ‘ਤੇ ਜਾਣ ਤੋਂ ਪਹਿਲਾਂ ਸੰਕੇਤਕ ਤੌਰ ‘ਤੇ ਜੋ ਦਿਲਜੀਤ ਨੇ ਕੀਤਾ ਹੈ,ਮੇਰੇ ਮੁਤਾਬਕ ਉਹ ਸਹਿ ਸੁਭਾਅ ਨਹੀਂ, ਸਗੋਂ ਦਿਲਜੀਤ ਨੇ ਖਾਸ ਪੰਜਾਬ ਲਈ ਕੀਤਾ ਹੈ। ਉਦਾਹਰਣ ਦੇ ਤੌਰ ‘ਤੇ ਜੋ ਬੰਦਾ ਲੱਖਾਂ ਦੇ ਟ੍ਰੈਕ ਸੂਟ, ਬੂਟ, ਟੋਪੀਆਂ ਤੇ ਘੜੀਆਂ ਪਾਉਂਦਾ ਹੋਵੇ, ਜਿਸਦੀ ਸ਼ਾਪਿੰਗ ਤੋਂ ਬਾਲੀਵੁੱਡ ਤੱਕ ਹੈਰਾਨ ਹੋਵੇ, ਜਿਹੜਾ ਕੱਪੜੇ ਖ਼ਰੀਦਣ ਲਈ ਖਾਤੇ ਖਾਲੀ ਕਰ ਦਿੰਦਾ ਹੋਵੇ, ਪਰ ਉਹੀ ਬੰਦਾ ਜਦੋਂ ਅੰਬਾਨੀਆਂ ਦੇ ਵਿਆਹ ‘ਤੇ ਵਿਖਾਵੇ ਵਾਲੇ ਟੋਪੀ ਅਤੇ ਟ੍ਰੈਕ ਸੂਟ ਛੱਡ ਕੇ ਲਾਲ ਰੰਗ ਦਾ ਪਰਨਾ ਅਤੇ ਚਿੱਟਾ ਕੁੜਤਾ ਪਜਾਮਾ ਪਾ ਕੇ ਜਾਵੇ ਤਾਂ ਦੱਸੋ ਇਸ ਤੋਂ ਵੱਡਾ ਪੰਜਾਬ ਨਾਲ ਖੜਨ ਦਾ ਕੀ ਸਬੂਤ ਹੋ ਸਕਦਾ ਹੈ। ਇੱਥੋਂ ਤੱਕ ਕਿ ਦਿਲਜੀਤ ਦੀ ਟੀਮ ਵਾਲੇ ਵੀ ਦੁਮਾਲੇ ਬੰਨ੍ਹ ਕੇ ਉਸ ਪ੍ਰੋਗਰਾਮ ‘ਚ ਸ਼ਾਮਲ ਹੁੰਦੇ ਹਨ। ਮੇਰਾ ਮੰਨਣਾ ਕਿ ਇਹ ਵੀ ਸਿੱਖੀ ਅਤੇ ਪੰਜਾਬ ਦੇ ਪ੍ਰਚਾਰ ਤੋਂ ਘੱਟ ਨਹੀਂ ਹੈ ਕਿੁੳਕਿ ਜਿਸ ਜਗ੍ਹਾ ‘ਤੇ ਦੁਨੀਆ ਭਰ ਤੋਂ ਵੱਡੇ ਲੋਕ ਆਏ ਹੋਣ, ਉਸ ਥਾਂ ‘ਤੇ ਸਿੱਖੀ ਦੇ ਸੰਕੇਤ ਦੇਣਾ ਕੋਈ ਛੋਟੀ ਗੱਲ ਨਹੀਂ ਹੈ। ਉਹ ਕੁਚੇਲਾ ਵਾਲੇ ਸ਼ੋਅ ‘ਤੇ ਪੰਜਾਬੀ ਬੋਲਦਾ ਹੈ, ਕਰੀਨਾ ਨੂੰ ਭਾਰਤ ਦੀ ਰਿਹਾਨਾ ਦੱਸਦਾ ਹੈ, ਇਹ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਅੱਜਕਲ ਮੇਰੇ ਵਰਗਾ ਥੋੜੀ ਜਿਹੀ ਬੁਲੰਦੀ ਵੀ ਹਾਸਲ ਕਰ ਲਵੇ ਤਾਂ ਸਭ ਤੋਂ ਪਹਿਲਾਂ ਆਪਣੀ ਭਾਸ਼ਾ ਛੱਡਦਾ ਹੈ, ਅੰਗਰੇਜ਼ੀ ਦੀਆਂ ਕਲਾਸਾਂ ਸ਼ੁਰੂ ਹੋ ਜਾਂਦੀਆਂ ਹਨ, ਭਾਰਤੀ ਕ੍ਰਿਕਟ ਖਿਡਾਰੀ ਇਸ ਦੀ ਸਭ ਤੋਂ ਵੱਡੀ ਉਦਾਹਰਣ ਹਨ। ਪਰ ਦਿਲਜੀਤ ਨੇ ਅੰਗਰੇਜ਼ੀ ਵਾਲੀ ਥਾਂ ‘ਤੇ ਵੀ ਹਮੇਸ਼ਾ ਪੰਜਾਬੀ ਭਾਸ਼ਾ ਦੀ ਹਾਜ਼ਰੀ ਲਗਵਾਈ ਹੈ. ਇਹੀ ਉਸਦਾ ਵੱਡੱਪਣ ਹੈ। ਉਹ ਸ਼ਰੇਆਮ ਕਹਿੰਦਾ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਪਰ ਕਲਾ ਦੇ ਸਿਰ ‘ਤੇ ਉਸਨੇ ਅੰਗਰੇਜ਼ਾਂ ਦੇ ਵੀ ਰੌਂਗਟੇ ਖੜੇ ਕਰ ਦਿੱਤੇ। ਉਹਨੇ ਸਾਬਤ ਕੀਤਾ ਕਿ ਬੰਦੇ ਨੂੰ ਆਪਣਾ ਮੂਲ ਭੁੱਲੇ ਬਿਨ੍ਹਾਂ ਵੀ ਸ਼ੌਹਰਤ ਦਾ ਸਿਰਾ ਹਾਸਲ ਹੋ ਸਕਦਾ ਹੈ। ਦਿਲਜੀਤ ਦੀ ਸ਼ੁਰੂਆਤ ਵਾਲੀ ਗਾਇਕੀ ਦੇ ਨਾਲ ਬੇਸ਼ੱਕ ਸਾਡੇ ਮਤਭੇਦ ਰਹੇ ਪਰ ਬੰਦਾ ਕੰਮ ਕਰੇਗਾ ਤਾਂ ਗਲਤੀ ਸੁਭਾਵਿਕ ਹੈ। ਜੋ ਅੱਜ ਦਿਲਜੀਤ ਨੇ ਦੁਨੀਆ ਭਰ ਵਿੱਚ ਦਸਤਾਰ ਦਾ ਕੱਦ ਵੱਡਾ ਕੀਤਾ ਹੈ, ਜੋ ਉਸਨੇ ਆਪਣੇ ਅੰਦਰ ਬਦਲਾਅ ਕੀਤੇ ਹਨ, ਜੋ ਉਸਨੇ ਦਸਤਾਰ, ਪੰਜਾਬ ਅਤੇ ਪੰਜਾਬੀ ਲਈ ਕੀਤਾ ਹੈ, ਸਾਨੂੰ ਉਸ ‘ਤੇ ਫਖਰ ਮਹਿਸੂਸ ਕਰਨਾ ਚਾਹੀਦਾ ਹੈ।
ਕੁਝ ਸੱਜਣ ਕਹਿੰਦੇ ਹਨ ਕਿ ਅੰਬਾਨੀਆਂ ਨੇ ਦਿਲਜੀਤ ਨੂੰ ਸੱਦ ਕੇ ਆਪਣੇ ਵੱਡੇ ਹੋਣ ਤਾਂ ਸਬੂਤ ਦਿੱਤਾ ਹੈ, ਪਰ ਮੈਂ ਮੰਨਦਾ ਕਿ ਇਸ ਕਦਮ ਨਾਲ ਸਾਡੇ ਢਾਈ ਪ੍ਰਤੀਸ਼ਤ ਆਬਾਦੀ ਵਾਲਿਆਂ ਦਾ ਬਹੁਗਿਣਤੀਆਂ ਮੂਹਰੇ ਕੱਦ ਵੱਡਾ ਹੋਇਆ ਹੈ, ਦਸਤਾਰ ਵੱਡੀ ਹੋਈ ਹੈ ਤੇ ਪੰਜਾਬ ਵੱਡਾ ਹੋਇਆ ਹੈ। ਜੇ ਅੰਬਾਨੀਆਂ ਨੇ ਖੁਦ ਨੂੰ ਵੱਡਾ ਤੇ ਪੰਜਾਬ ਨੂੰ ਛੋਟਾ ਕਰਨਾ ਹੁੰਦਾ ਤਾਂ ਪੂਰੀ ਦੁਨੀਆ ਤੋਂ ਆਏ ਮਹਿਮਾਨਾਂ, ਖਾਸਕਰ ਬਾਲੀਵੁੱਡ ਵਾਲੇ ਥੱਲੇ ਬਿਠਾ ਕੇ ਤੇ ਦਿਲਜੀਤ ਨੂੰ ਸਟੇਜ ਤੇ ਨਾ ਝੜਾਉਂਦੇ, ਸਗੋਂ ਦਿਲਜੀਤ ਵੀ ਹੇਠਾਂ ਕਿਸੇ ਕੁਰਸੀ ਤੇ ਬੈਠਾ ਹੁੰਦਾ ਜਾਂ ਫਿਰ ਬਾਲੀਵੁੱਡ ਵਾਲਿਆਂ ਵਾਂਗ ਰਾਸ਼ਨ ਵਰਤਾ ਰਿਹਾ ਹੁੰਦਾ, ਜੋ ਉਹਦੇ ਸੁਭਾਅ ਵਿੱਚ ਨਹੀਂ ਹੈ।
Proud of you Bai.