11/11/2025
ਬਾਬਾ ਦੀਪ ਸਿੰਘ ਜੀ
ਗੁਰੂ ਕਾਲ ਤੋਂ ਪਹਿਲਾਂ ਅਤੇ ਉਸ ਦੇ ਮਗਰੋਂ ਸ਼ਾਸਕਾਂ ਨੇ ਇੱਥੇ ਸਦੀਆਂ ਤੋਂ ਵੱਸਦੇ ਲੋਕਾਂ ਦੇ ਧਰਮ/ਧਰਮਾਂ ਅਤੇ ਸੱਭਿਆਚਾਰ ਨੂੰ ਖ਼ਤਮ ਕਰਨ ਲਈ ਜਿਹੜੇ ਅੱਤਿਆਚਾਰ ਕੀਤੇ ਸਨ, ਉਨ੍ਹਾਂ ਤੋਂ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਜੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਸਰਬੱਤਵਾਦੀ ਲਹਿਰ ਨੂੰ ਸਥਾਪਿਤ ਕਰਨਾ ਹੈ ਤਾਂ ਸਿੱਖਾਂ ਨੂੰ ਆਪਣੇ ਬੋਲ-ਬਾਲੇ ਕਾਇਮ ਕਰਨੇ ਪੈਣਗੇ। ਇਸੇ ਲਈ ਦਸਮ-ਪਾਤਸ਼ਾਹ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਇਹ ਬਚਨ ਕੀਤਾ ਸੀ :
ਇਨ ਗਰੀਬ ਸਿੱਖਨ ਕੋ ਦਯਾ ਪਾਤਿਸ਼ਾਹੀ।
ਏ ਯਾਦ ਰਖੈ ਹਮਰੀ ਗੁਰਿਆਈ। (ਪ੍ਰਾਚੀਨ ਪੰਥ ਪ੍ਰਕਾਸ਼)
ਇਸੇ ਗੱਲ ਦਾ ਜ਼ਿਕਰ ਭਾਈ ਨੰਦ ਲਾਲ ਸਿੰਘ ਦੇ ਰਹਿਤਨਾਮੇ ਵਿਚ ਕੀਤਾ ਗਿਆ ਹੈ, ਜਿਸ ਨੂੰ ਸਿੱਖ ਰੋਜ਼ ਅਰਦਾਸ ਮਗਰੋਂ ਯਾਦ ਕਰਦੇ
ਹਨ :
ਰਾਜ ਕਰੇਗਾ ਖ਼ਾਲਸਾ, ਆਕੀ ਰਹਹਿ ਨ ਕੋਇ। ਖਾਰ ਹੋਇ ਸਭ ਮਿਲੈਂਗੇ, ਬਚਹਿ ਸ਼ਰਨ ਜੋ ਹੋਇ।
ਇਸ ਨੂੰ ਇਕ ਵਾਰ ਤਾਂ ਬਾਬਾ ਬੰਦਾ ਸਿੰਘ ਜੀ ਨੇ ਸੱਚ ਕਰ ਵਿਖਾਇਆ, ਭਾਵੇਂ ਉਨ੍ਹਾਂ ਦਾ ਰਾਜ ਥੋੜ੍ਹੇ ਸਮੇਂ ਦਾ ਹੀ ਸੀ। ਇਸ ਦੇ ਮਗਰੋਂ ਸਿੱਖ 'ਪੱਤ ਸਿਉਂ ਜਿਊਣ' ਲਈ, ਆਪਣਾ ਰਾਜ-ਭਾਗ ਪ੍ਰਾਪਤ ਕਰਨ ਲਈ ਆਹਰਾਂ ਵਿਚ ਜੁਟ ਗਏ। ਇਤਿਹਾਸ ਨੇ ਬੜੀ ਅਸਚਰਜ ਸਥਿਤੀ ਵੇਖੀ ਕਿ ਇਕ ਪਾਸੇ ਤਾਂ ਹਕੂਮਤਾਂ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਸਿਰ-ਤੋੜ ਯਤਨ ਕਰ ਰਹੀਆਂ ਸਨ, ਦੂਜੇ ਪਾਸੇ ਸਿੱਖ ਅੱਤਿਆਚਾਰਾਂ ਦਾ ਸਾਹਮਣਾ ਕਰਦੇ ਹੋਏ ਵੀ ਗੁਰੂ-ਬਚਨਾਂ ਨੂੰ ਸਤਿ ਕਰਨ ਲਈ ਸਿਰ-ਧੜ ਦੀ ਬਾਜ਼ੀ ਲਾ ਕੇ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਨੇ ਵੱਖ-ਵੱਖ ਜਥੇਦਾਰਾਂ ਦੀ ਅਗਵਾਈ ਵਿਚ ਜਥੇ ਬਣਾ ਲਏ ਸਨ।